ਰਾਮ ਕੁਮਾਰ ਵਰਮਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਾਮ ਕੁਮਾਰ ਵਰਮਾ (1905) : ਹਿੰਦੀ ਸਾਹਿਤ ਵਿੱਚ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਰਾਮ ਕੁਮਾਰ ਵਰਮਾ ਦਾ ਜਨਮ ਮੱਧ ਪ੍ਰਦੇਸ਼ ਵਿੱਚ 15 ਸਤੰਬਰ 1905 ਨੂੰ ਹੋਇਆ। ਉਸ ਦਾ ਪਿਤਾ ਲਕਸ਼ਮੀ ਸ਼ੰਕਰ ਵਰਮਾ ਡਿਪਟੀ ਕਲੈਕਟਰ ਸੀ। ਥਾਂ-ਥਾਂ ਪਿਤਾ ਦੀ ਬਦਲੀ ਹੁੰਦੀ ਰਹੀ ਤੇ ਬਾਲ ਰਾਮ ਕੁਮਾਰ ਦੀ ਸਿੱਖਿਆ ਕਈ ਸ਼ਹਿਰਾਂ ਵਿੱਚ ਹੋਈ। ਰਾਮਟੇਕ (ਨਾਗਪੁਰ) ਵਿੱਚ ਉਸ ਨੇ ਮੁਢਲੀ ਪੜ੍ਹਾਈ ਮਰਾਠੀ ਵਿੱਚ ਹਾਸਲ ਕੀਤੀ। ਹਿੰਦੀ ਦੀ ਸਿੱਖਿਆ ਉਸ ਨੇ ਆਪਣੀ ਮਾਂ ਰਾਜਰਾਨੀ ਦੇਵੀ ਤੋਂ ਪ੍ਰਾਪਤ ਕੀਤੀ, ਜੋ ਆਪਣੇ ਸਮੇਂ ਦੀ ਪ੍ਰਸਿੱਧ ਕਵਿੱਤਰੀ ਤੇ ਸੰਗੀਤਕਾਰ ਸੀ। ਰਾਮ ਕੁਮਾਰ ਦਾ ਪੜਨਾਨਾ ਵਿਸ਼ਰਾਮ ਸਿੰਘ ਸੁਤੰਤਰਤਾ ਸੈਲਾਨੀ (ਅਜ਼ਾਦੀ ਦੇ ਘੁਲਾਟੀਏ) ਸੀ, ਜਿਸ ਨੇ ਮਹਾਰਾਣੀ ਲਕਸ਼ਮੀਬਾਈ ਨਾਲ 1857 ਵਿੱਚ ਅਜ਼ਾਦੀ ਦੀ ਲੜਾਈ (ਸੁਤੰਤਰਤਾ ਸੰਗਰਾਮ) ਵਿੱਚ ਹਿੱਸਾ ਲਿਆ ਸੀ। ਅਜਿਹੇ ਸੰਸਕਾਰਾਂ ਕਰ ਕੇ ਹੀ ਬਾਲ ਰਾਮ ਕੁਮਾਰ ਨੂੰ 1921 ਵਿੱਚ ਮਹਾਤਮਾ ਗਾਂਧੀ ਨਾਲ ਅਸਹਿਯੋਗ ਅੰਦੋਲਨ (ਨਾ- ਮਿਲਵਰਤਨ ਲਹਿਰ) ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਮਿਲੀ।

     ਰਾਮ ਕੁਮਾਰ ਬੜਾ ਲਾਇਕ, ਜਮਾਤ ਵਿੱਚ ਫਸਟ ਆਉਣ ਵਾਲਾ ਵਿਦਿਆਰਥੀ ਸੀ, ਜੋ ਵਜ਼ੀਫ਼ਾ ਪਾਉਂਦਾ ਰਿਹਾ। ਗਾਂਧੀ ਦੇ ਪ੍ਰਭਾਵ ਹੇਠ ਉਹ ਹਰ ਰੋਜ਼ ਪ੍ਰਭਾਤ ਫੇਰੀ ਵਿੱਚ ਕੌਮੀ ਝੰਡਾ ਚੁੱਕ ਕੇ ਅਜ਼ਾਦੀ ਦੇ ਗੀਤ ਗਾਉਂਦਾ, ਸ਼ਹਿਰ ਦੀ ਪਰਕਰਮਾ ਕਰਦਾ ਸੀ, ਇੱਥੋਂ ਹੀ ਉਸ ਦੇ ਮਨ ਵਿੱਚ ਕਵਿਤਾ ਪੈਦਾ ਹੋਈ ਤੇ ਉਹ ਕੌਮੀ ਨਜ਼ਮਾਂ ਲਿਖਣ ਲੱਗ ਪਿਆ। ਸਿਰਫ਼ 16 ਸਾਲ ਦੀ ਉਮਰ ਵਿੱਚ ਲਿਖੀ ਆਪਣੀ ਕਵਿਤਾ ਉੱਤੇ ਅਖਿਲ ਭਾਰਤੀ ਕੌਮੀ- ਕਾਵਿ ਮੁਕਾਬਲੇ ਵਿੱਚ ਉਸ ਨੇ ‘ਖੰਨਾ ਪੁਰਸਕਾਰ’ ਪ੍ਰਾਪਤ ਕੀਤਾ।

     1922 ਵਿੱਚ ਚੌਰਾ ਚੋਰੀ ਕਾਂਡ ਹੋਣ ਤੇ ਗਾਂਧੀ ਜੀ ਨੇ ਜਦ ਅਸਹਿਯੋਗ ਅੰਦੋਲਨ ਵਾਪਸ ਲਿਆ ਤਾਂ ਰਾਮ ਕੁਮਾਰ ਨੇ ਲਹਿਰ ਤੋਂ ਮੁਕਤੀ ਪਾ ਕੇ ਛੱਡੀ ਹੋਈ ਪੜ੍ਹਾਈ ਮੁੜ ਸ਼ੁਰੂ ਕੀਤੀ। 1925 ਵਿੱਚ ਉਹ ਕਾਲਜ ਦੀ ਪੜ੍ਹਾਈ ਮੁਕੰਮਲ ਕਰ ਕੇ ਇਲਾਹਾਬਾਦ ਯੂਨੀਵਰਸਿਟੀ ਵਿੱਚ ਆਇਆ। ਉੱਥੋਂ ਉਸ ਨੇ 1929 ਵਿੱਚ ਐਮ.ਏ. ਹਿੰਦੀ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਤੇ ਯੂਨੀਵਰਸਿਟੀ ਵਿੱਚ ਵੀ ਪਹਿਲੇ ਦਰਜੇ ਤੇ ਰਿਹਾ।

     ਰਾਮ ਕੁਮਾਰ ਵਰਮਾ 1929 ਵਿੱਚ ਪ੍ਰਯਾਗ ਵਿਸ਼ਵ- ਵਿਦਿਆਲਿਆ ਵਿੱਚ ਹਿੰਦੀ ਵਿਭਾਗ ਵਿਖੇ ਨਿਯੁਕਤ ਹੋਇਆ ਅਤੇ ਇੱਥੇ ਹੀ ਅਧਿਆਪਨ ਕਾਰਜ ਕਰਦਿਆਂ ਪ੍ਰੋਫ਼ੈਸਰ ਅਤੇ ਮੁੱਖੀ ਦੇ ਤੌਰ ਤੇ 1966 ਵਿੱਚ ਸੇਵਾ-ਮੁਕਤ ਹੋਇਆ।

     1948 ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਸੱਦੇ ਤੇ ਉਹ ਪ੍ਰੌੜ੍ਹ ਸਿੱਖਿਆ (ਬਾਲਗ਼ ਸਿੱਖਿਆ) ਵਿਭਾਗ ਦੇ ਡਾਇਰੈਕਟਰ ਦੇ ਤੌਰ ਤੇ ਇੱਕ ਸਾਲ ਲਈ ਨਾਗਪੁਰ ਰਿਹਾ। ਫੇਰ 1957 (ਰੂਸ) ਵਿੱਚ ਸੋਵੀਅਤ ਸੰਘ ਦੇ ਸੱਦੇ ਤੇ ਭਾਰਤ ਸਰਕਾਰ ਰਾਹੀਂ ਉਸ ਨੂੰ ਹਿੰਦੀ ਵਿਭਾਗ ਦੇ ਮੁੱਖੀ ਦੇ ਰੂਪ ਵਿੱਚ ਮਾਸਕੋ ਭੇਜਿਆ ਗਿਆ। 1963 ਵਿੱਚ ਨੇਪਾਲ ਦੇ ਤ੍ਰਿਭੁਵਨ ਵਿਸ਼ਵ ਵਿਦਿਆਲਿਆ ਵਿਖੇ ਉਸ ਨੂੰ ਸਿੱਖਿਆ ਸਹਾਇਕ ਦੇ ਰੂਪ ਵਿੱਚ ਨਿਮੰਤ੍ਰਿਤ ਕੀਤਾ ਗਿਆ। 1967 ਵਿੱਚ ਸ਼੍ਰੀਲੰਕਾ ਦੇ ਪੈਰੇਦਨਿਯਾ ਯੂਨੀਵਰਸਿਟੀ ਵਿੱਚ ਉਹ ਭਾਰਤੀ ਭਾਸ਼ਾ ਵਿਭਾਗ ਦੇ ਮੁੱਖੀ ਦੇ ਤੌਰ ਤੇ ਕੰਮ ਕਰਦਾ ਰਿਹਾ। ਇਹ ਉਸ ਦੇ ਲਗਾਤਾਰ ਪ੍ਰਾਪਤੀਆਂ ਦੇ ਸਾਲ ਸਨ। ਰਾਮ ਕੁਮਾਰ ਵਰਮਾ ਨੂੰ 1966 ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵਿੱਚ ਪ੍ਰੋਫ਼ੈਸਰ ਦੇ ਰੂਪ ਵਿੱਚ ਨਿਯੁਕਤ ਕੀਤਾ ਗਿਆ। 1967 ਵਿੱਚ ਉੱਤਰ ਪ੍ਰਦੇਸ਼ ਸਰਕਾਰ ਰਾਹੀਂ ਹਿੰਦੀ ਗ੍ਰੰਥ ਅਕਾਦਮੀ ਦੇ ਪ੍ਰਬੰਧਕੀ (ਸਲਾਹਕਾਰ) ਬੋਰਡ ਵਿੱਚ ਉਸ ਨੂੰ ਸੱਦਿਆ। 1975 ਵਿੱਚ ਪ੍ਰਯਾਗ ਵਿੱਚ ਹਿੰਦੁਸਤਾਨੀ ਅਕਾਦਮੀ ਦਾ ਪ੍ਰਧਾਨ (ਅਧਿਅਕਸ਼) ਥਾਪਿਆ ਗਿਆ। ਇੰਦਰਾ ਗਾਂਧੀ ਰਾਹੀਂ 1981 ਵਿੱਚ ਉਸ ਨੂੰ ਕੇਂਦਰੀ ਹਿੰਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਗਿਆ। ਫੇਰ 1982 ਵਿੱਚ ਉਹ ਕੌਮੀ ਗ੍ਰੰਥ ਵਿਕਾਸ ਕੌਂਸਲ ਦਾ ਮੈਂਬਰ ਬਣਾਇਆ ਗਿਆ।

     1957 ਵਿੱਚ ਸੋਵੀਅਤ ਸੰਘ ਦੀ ਯਾਤਰਾ ਤੋਂ ਲੈ ਕੇ 1984 ਦੇ ਲੰਦਨ ਪ੍ਰਵਾਸ ਤੱਕ ਉਸ ਨੇ ਕਈ ਵਿਦੇਸ਼ੀ ਦੌਰੇ ਕੀਤੇ। ਰਾਮ ਕੁਮਾਰ ਵਰਮਾ 1963 ਵਿੱਚ ਨੇਪਾਲ, 1967 ਵਿੱਚ ਸ਼੍ਰੀਲੰਕਾ, 1983 ਵਿੱਚ ਸੋਵੀਅਤ ਰੂਸ ਅਤੇ 1984 ਵਿੱਚ ਅਮਰੀਕਾ ਜਿਹੇ ਮੁਲਕਾਂ ਵਿੱਚ ਵੀ ਵਿਦੇਸ਼ ਯਾਤਰਾਵਾਂ ਕਰ ਕੇ ਅਨੁਭਵ ਪ੍ਰਾਪਤ ਕਰਦਾ ਅਤੇ ਨਾਟਕਾਂ ਦੇ ਪਾਤਰ ਘੜਦਾ, ਕਾਵਿ-ਬਿੰਬ ਸਕਾਰ ਕਰਦਾ ਰਿਹਾ।

     ਸਨਮਾਨ ਤੇ ਅਲੰਕਾਰਾਂ ਦੀ ਸੂਚੀ ਵਿੱਚ ਉਸ ਨੇ ਪੀ-ਐਚ.ਡੀ. 1940 ਵਿੱਚ ਅਤੇ ਡੀ.ਲਿਟ. 1968 ਵਿੱਚ ਪ੍ਰਾਪਤ ਕੀਤੀ। ਪਦਮ ਭੂਸ਼ਨ ਨਾਲ ਰਾਮ ਕੁਮਾਰ ਵਰਮਾ ਨੂੰ 1963 ਵਿੱਚ ਸਨਮਾਨਿਆ ਗਿਆ। 1967 ਵਿੱਚ ਰਤਨ, 1968 ਵਿੱਚ ਸਾਹਿਤ ਵਾਚਸਪਤੀ ਅਤੇ ਇਸੇ ਸਾਲ ਉਸ ਨੂੰ ਅਚਾਰੀਆ ਪਦ ਪ੍ਰਾਪਤ ਹੋਇਆ।

     ਰਾਮ ਕੁਮਾਰ ਵਰਮਾ ਨੇ ਨਾਗਰੀ ਕਾਵਿ ਪੁਰਸਕਾਰ 1929 ਵਿੱਚ ਪ੍ਰਾਪਤ ਕਰਨ ਤੋਂ ਲੈ ਕੇ 1970 ਵਿੱਚ ਕਾਲੀਦਾਸ ਪੁਰਸਕਾਰ ਪਾਉਣ ਤੱਕ ਬੇਨੀ ਮਾਧਵ ਖੰਨਾ ਕਾਵਿ ਪੁਰਸਕਾਰ, 1929 ਵਿੱਚ ਹਾਲੈਂਡ ਗੋਲਡ ਮੈਡਲ, 1936 ਵਿੱਚ ਦੇਵ ਪੁਰਸਕਾਰ, 1940 ਵਿੱਚ ਰਤਨ ਕੁਮਾਰੀ ਪੁਰਸਕਾਰ, 1947 ਵਿੱਚ ਭਾਰਤ ਸਰਕਾਰ ਦਾ ਨਾਟਕ ਪੁਰਸਕਾਰ, ਸਾਲ 1950 ਵਿੱਚ ਉੱਤਰ ਪ੍ਰਦੇਸ਼ ਸੰਸਥਾਨ ਪੁਰਸਕਾਰ ਅਤੇ 1960 ਵਿੱਚ ਪਹਿਲਾ ਕਾਲੀਦਾਸ ਪੁਰਸਕਾਰ ਪ੍ਰਾਪਤ ਕਰ ਕੇ ਇਹ ਸਿੱਧ ਕੀਤਾ ਕਿ ਚੰਨ ਨੂੰ ਛੂਹਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। ਇਹ ਡਿਗਰੀਆਂ ਸਨਮਾਨ ਅਤੇ ਅਲੰਕਾਰ ਉਸ ਦੇ ਵੱਡਮੁੱਲੇ ਸਾਹਿਤਿਕ ਕਾਰਜ ਦੇ ਸਬੂਤ ਹਨ। ਇਹਨਾਂ ਪ੍ਰਾਪਤੀਆਂ ਸਦਕਾ ਵੀ ਉਸ ਦੀ ਨਿਯੁਕਤੀ ਚੰਗੀ ਤੋਂ ਚੰਗੇਰੀ ਥਾਂ ਸਮੇਂ-ਸਮੇਂ ਹੁੰਦੀ ਰਹੀ।

     ਕਵਿਤਾ, ਨਾਟਕ, ਇਕਾਂਗੀ, ਸ਼ੋਧ ਗ੍ਰੰਥ, ਆਲੋਚਨਾ, ਸਾਹਿਤ ਦਾ ਇਤਿਹਾਸ, ਸੰਸਮਰਨ (ਯਾਦਾਂ) ਅਤੇ ਸੰਪਾਦਿਤ ਸਾਹਿਤ ਰਾਹੀਂ ਉਸ ਦੇ ਸਾਹਿਤਿਕ ਸਫ਼ਰ ਦਾ ਜਾਇਜ਼ਾ ਲਿਆ ਜਾ ਸਕਦਾ ਹੈ। ਡੇਢ ਦਰਜਨ ਦੇ ਨੇੜੇ ਢੁੱਕਦੀਆਂ ਉਸ ਦੀਆਂ ਕਾਵਿ ਪੁਸਤਕਾਂ ਉਸ ਦੇ ਕਵੀ ਮਨ ਦੀਆਂ ਲਖਾਇਕ ਹਨ। 1923 ਵਿੱਚ ਛਪੇ ਕਾਵਿ ਵੀਰ ਹਮੀਰ (ਨਰਸਿੰਘਪੁਰ) ਨੇ ਉਸ ਦੀ ਇਸ ਪਾਸੇ ਪਛਾਣ ਬਣਾਈ। ਸਾਹਿਤ ਭਵਨ, ਪ੍ਰਯਾਗ, ਵਿਸ਼ਵ ਸਾਹਿਤ ਪ੍ਰਕਾਸ਼ਨ ਲਾਹੌਰ, ਸਰਸਵਤੀ ਪ੍ਰੈਸ ਕਾਪੀ, ਚਾਂਦ ਪ੍ਰੈਸ, ਗੰਗਾ ਗ੍ਰੰਥਾਗਾਰ, ਹਿੰਦੀ ਸਾਹਿਤ ਸੰਮੇਲਨ, ਲੋਕ ਭਾਰਤੀ ਪ੍ਰਕਾਸ਼ਨ, ਚੰਦਰਲੋਕ, ਕਿਤਾਬ ਮਹੱਲ, ਕਲਪਨਾ ਪ੍ਰਕਾਸ਼ਨ ਆਦਿ ਉਹਨਾਂ ਦਿਨਾਂ ਵਿੱਚ ਸਰਗਰਮ ਪ੍ਰਕਾਸ਼ਨ ਕੇਂਦਰ ਸਨ। 1929 ਵਿੱਚ ਚਿਤੌੜ ਕੀ ਚਿੰਤਾ ਤੋਂ ਲੈ ਕੇ 1985 ਵਿੱਚ ਛਪੀ ਕਾਵਿ ਪੁਸਤਕ ਓ ਅਹੱਲਿਆ ਤੱਕ ਦੇ ਸਫ਼ਰ ਵਿਚਕਾਰ ਵਰਮਾ ਦੇ ਅਭਿਸ਼ਾਪ, ਅੰਜਲੀ, ਨਿਸ਼ੀਥ, ਰੂਪ ਰਾਸ਼ਿ, ਚਿੱਤ੍ਰਰੇਖਾ ਤੇ ਚੰਦ੍ਰਕਿਰਨ ਆਦਿ ਕਾਵਿ ਸੰਗ੍ਰਹਿਆਂ ਨੇ ਪਾਠਕਾਂ ਨੂੰ ਪ੍ਰੇਰਨਾ ਦਿੱਤੀ ਤੇ ਆਲੋਚਕਾਂ ਨੇ ਉਸ ਦੀ ਕਵਿਤਾ ਵੱਲ ਧਿਆਨ ਦਿੱਤਾ। ਉਸ ਦੇ ਕਾਵਿ-ਸੰਗ੍ਰਹਿਆਂ ਨੇ ਸ੍ਰੋਤਿਆਂ, ਪਾਠਕਾਂ ਦੀ ਇੱਕ ਪੀੜ੍ਹੀ ਆਪਣੇ ਲਈ ਤਿਆਰ ਕਰ ਲਈ ਸੀ। ਉਤਰਾਇਨ, ਸੰਤ ਰੈਦਾਸ ਜਿਹੇ ਖੰਡ ਕਾਵਿ, ਮਹਾਂਕਾਵਿ, ਉਸ ਨੂੰ ਗੀਤ ਤੱਤ ਤੇ ਪ੍ਰਬੰਧਕੀ-ਕਾਵਿ ਨਾਲ ਜੋੜ ਕੇ ਪੇਸ਼ ਕਰਦੇ ਹਨ। ਮੰਚ ਅਤੇ ਆਕਾਸ਼ਵਾਣੀ ਕੇਂਦਰਾਂ ਤੋਂ ਉਸ ਨੇ ਭਰਪੂਰ ਪ੍ਰਸੰਸਾ ਪ੍ਰਾਪਤ ਕੀਤੀ। ਕੌਮੀ ਸੁਰ, ਰਾਸ਼ਟਰੀ ਭਾਵਨਾ, ਅਜ਼ਾਦੀ ਦੇ ਘੋਲ ਲਈ ਯੁਵਕਾਂ ਨੂੰ ਤਿਆਰ ਕਰਨ ਵਿੱਚ ਉਸ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ।

     ਹਿੰਦੀ ਸਮਾਜ ਨਾਟਕਕਾਰ ਦੇ ਤੌਰ ਤੇ ਵੀ ਉਸ ਨੂੰ ਓਨਾ ਹੀ ਸਨਮਾਨ ਦਿੰਦਾ ਹੈ, ਜਿੰਨਾ ਕਵੀ ਦੇ ਤੌਰ ਤੇ। ਵਿਗਿਆਨਿਕ, ਸਮਾਜਿਕ, ਰਾਜਨੀਤਿਕ ਅਤੇ ਸਾਹਿਤਿਕ ਨਾਟਕਾਂ ਰਾਹੀਂ ਉਹ ਪਾਠਕ੍ਰਮ ਦਾ ਹਿੱਸਾ ਵੀ ਬਣਿਆ ਅਤੇ ਉਸ ਦੇ ਨਾਟਕ ਹਿੰਦੀ ਭਾਸ਼ੀ ਪ੍ਰਾਂਤਾਂ ਵਿੱਚ ਖ਼ੂਬ ਪੜ੍ਹੇ ਵੀ ਗਏ, ਰਾਜਕਮਲ ਪ੍ਰਕਾਸ਼ਨ, ਗ੍ਰੰਥਮ, ਰਾਜਪਾਲ, ਮੈਕਮਿਲਨ ਕੰਪਨੀ, ਵਾਣੀ ਪ੍ਰਕਾਸ਼ਨ, ਨੈਸ਼ਨਲ ਆਰਿਆ ਬੁੱਕ ਡਿੱਪੂ, ਭਾਰਤੀ ਗਿਆਨਪੀਠ ਅੱਜ ਵੀ ਸਰਬਸ੍ਰੇਸ਼ਠ ਪ੍ਰਕਾਸ਼ਨ ਹਨ। ਉਸ ਦੇ ਨਾਟਕ, ਇਕਾਂਗੀ 1935 ਤੋਂ 1985 ਤੱਕ ਪਹਿਲੇ ਸੰਸਕਰਨਾਂ ਵਿੱਚ ਸਮੇਂ-ਸਮੇਂ ਛਪਦੇ ਤੇ ਸਲਾਹੇ ਜਾਂਦੇ ਰਹੇ। ਪ੍ਰਿਥਵੀ ਰਾਜ ਕੀ ਆਂਖੇਂ ਇਕਾਂਗੀ ਸੰਗ੍ਰਹਿ ਕਈ ਦਹਾਕਿਆਂ ਤੱਕ ਕੋਰਸਾਂ ਵਿੱਚ ਲੱਗਿਆ ਰਿਹਾ ਅਤੇ ਬਾਅਦ ਵਿੱਚ ਲਿਖਣ ਵਾਲੇ ਇੱਕ ਦਰਜਨ ਨਾਟਕਕਾਰਾਂ, ਇਕਾਂਗੀਕਾਰਾਂ ਨੇ ਇਸ ਕਿਰਤ ਤੋਂ ਪ੍ਰੇਰਨਾ ਤੇ ਮਾਰਗ ਦਰਸ਼ਨ ਪ੍ਰਾਪਤ ਕੀਤਾ। ਇਵੇਂ ਹੀ ਰੇਸ਼ਮੀ ਟਾਈ, ਚਾਰੂਮਿੱਤਰਾ, ਰਜਤਰਸ਼ਮੀ ਤੇ ਦੀਪਦਾਨ ਉਸ ਦੇ ਖ਼ੂਬ ਜਾਣੇ ਪਛਾਣੇ, ਪ੍ਰਸਿੱਧ ਇਕਾਂਗੀ-ਸੰਗ੍ਰਹਿ ਹਨ। ਅੰਮ੍ਰਿਤ ਕੀ ਖੋਜ, ਉਸ ਦਾ 1971 ਵਿੱਚ ਲੋਕ ਭਾਰਤੀ, ਇਲਾਹਾਬਾਦ ਤੋਂ ਛਪਿਆ ਵਿਗਿਆਨਿਕ ਇਕਾਂਗੀ- ਸੰਗ੍ਰਹਿ ਹੈ, ਜਿਸ ਨੂੰ ਪੰਜਾਬ ਦੇ ਭਾਸ਼ਾ ਵਿਭਾਗ ਨੇ 25 ਕੁ ਸਾਲ ਪਹਿਲਾਂ ਫੂਲਚੰਦ ਮਾਨਵ ਤੋਂ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਪੁਸਤਕ ਰੂਪ ਵਿੱਚ ਛਾਪਿਆ ਸੀ। ਖੱਟੇ ਮਿੱਠੇ ਇਕਾਂਗੀ, ਬਹੁਰੰਗੀ ਨਾਟਕ, ਚਿੱਤਰ ਇਕਾਂਗੀ, ਉਸ ਦੇ ਵੰਨ-ਸਵੰਨੇ ਇਕਾਂਗੀ-ਸੰਗ੍ਰਹਿ ਹਨ। ਸਮਾਜ ਕੇ ਸ੍ਵਰ (1984) ਤੋਂ ਪਹਿਲਾਂ ਛਪੇ ਇਤਿਹਾਸ ਕੇ ਸ੍ਵਰ, ਲਲਿਤ ਏਕਾਂਗੀ, ਮਯੂਰ ਪੰਖ, ਸਾਹਿਤਿਕ ਇਕਾਂਗੀ, ਪਾਂਚ ਜਨਯ, ਰਿਮਝਿਮ, ਰਿਤੂਰਾਜ, ਧਰੁਵਤਾਰਿਕਾ, ਕੌਮੂਦੀ ਮਹੋਤਸਵ, ਸ਼ਿਵਾਜੀ ਅਤੇ ਮੇਰੇ ਸਰਵ ਸ੍ਰੇਸ਼ਠ ਏਕਾਂਗੀ ਉਸ ਦੇ ਕੁਝ ਹੋਰ ਉਲੇਖਯੋਗ ਇਕਾਂਗੀ-ਸੰਗ੍ਰਹਿ ਹਨ। ਕੋਈ ਦੋ ਦਰਜਨ ਇਕਾਂਗੀ-ਸੰਗ੍ਰਹਿ ਉਸ ਦਾ ਮੁਕਾਮ ਹਿੰਦੀ ਸਾਹਿਤ ਦੇ ਨਾਟਕਾਂ ਦੇ ਅਜੋਕੇ ਇਤਿਹਾਸ ਵਿੱਚ ਮੁਢਲੀ ਕਤਾਰ ਵਿੱਚ ਨਿਰਧਾਰਿਤ ਕਰਦੇ ਹਨ।

     ਪੂਰੇ ਨਾਟਕਾਂ ਦੇ ਖੇਤਰ ਵਿੱਚ ਉਸ ਦਾ ਯੋਗਦਾਨ ਏਨਾ ਹੀ ਠੋਸ ਹੈ। ਕੌਮੁਦੀ ਮਹੋਤਸਵ 1949 ਵਿੱਚ ਪ੍ਰਕਾਸ਼ਿਤ ਨਾਟਕ ਤੋਂ ਲੈ ਕੇ ਕਰਮਵੀਰ ਕਰਣ, 1985 ਤੱਕ ਅਸ਼ੋਕ ਕਾ ਸ਼ੋਕ, ਨਾਨਾ ਫੜਨਵੀਸ, ਮਹਾਰਾਣਾ ਪ੍ਰਤਾਪ, ਸੰਤ ਤੁਲਸੀ ਦਾਸ, ਭਗਵਾਨ ਬੁੱਧ, ਅਹੱਲਿਆ ਬਾਈ, ਸਮੁਦਰ ਗੁਪਤ, ਪਰਾਕ੍ਰਮੀ ਸਮਰਾਟ ਕਨਿਸ਼ਕ, ਮਾਲਵ ਸਮਰਾਟ ਕੁਮਾਰ ਭੋਜ, ਕੁੰਤੀ ਕਾ ਪਰਿਤਾਪ, ਸਰਜਾ ਸ਼ਿਵਾਜੀ ਜਿਹੇ ਇਤਿਹਾਸਿਕ ਨਾਟਕ ਇੱਕ ਪਰੰਪਰਾ ਬਣਾ ਰਹੇ ਹਨ। ਅਨੁਸ਼ਾਸਨ ਪਰਵ, ਜਯਭਾਰਤ, ਅਗਨੀ-ਸ਼ਿਖਾ, ਜੈ ਬਾਂਗਲਾ ਜਿਹੇ ਨਾਟਕ ਰੇਡੀਓ ਲਈ ਲਿਖੇ ਗਏ ਤੇ ਭਾਰਤੀ ਭਾਸ਼ਾਵਾਂ ਵਿੱਚ ਵੀ ਅਨੁਵਾਦਿਤ ਹੋ ਕੇ ਪ੍ਰਸਾਰਿਤ ਹੁੰਦੇ ਰਹੇ ਹਨ। ਸਾਰੰਗ ਸ੍ਵਰ, ਜੈ ਆਦਿਤਯ, ਜੌਹਰ ਕੀ ਜਯੋਤੀ, ਕਲਾ ਔਰ ਕਿਸਾਨ, ਵਿਜਯ ਪਰਵ ਜਿਹੇ ਨਾਟਕਾਂ ਨੂੰ ਅੱਜ ਵੀ ਪੜ੍ਹਿਆ ਤੇ ਖੇਡਦਿਆਂ ਵੇਖਿਆ ਜਾ ਸਕਦਾ ਹੈ। ਭਾਰਤੇਂਦੂ ਅਤੇ ਜੈ ਸ਼ੰਕਰ ਪ੍ਰਸਾਦ ਤੋਂ ਬਾਅਦ ਰਾਮ ਕੁਮਾਰ ਵਰਮਾ ਦਾ ਇਤਿਹਾਸਿਕ ਸਥਾਨ ਹਿੰਦੀ ਨਾਟ ਸਾਹਿਤ ਵਿੱਚ ਬਹੁਤ ਉਚੇਰਾ ਹੈ। ਇਹ ਇਤਿਹਾਸਿਕ ਤੇ ਸਮਾਜਿਕ ਨਾਟਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਹੀ ਨਹੀਂ ਜਾ ਰਹੇ, ਮੰਚ ਤੋਂ ਪੇਸ਼ ਵੀ ਹੋਏ ਤੇ ਰੇਡੀਓ ਤੋਂ ਪ੍ਰਸਾਰਿਤ ਵੀ ਕੀਤੇ ਗਏ। ਇਵੇਂ ਉਸ ਦੀ ਹਿੰਦੀ ਨਾਟਕ ਖੇਤਰ ਵਿੱਚ ਅਦੁੱਤੀ ਦੇਣ ਹੈ।

     ਖੋਜ ਦੇ ਖੇਤਰ ਵਿੱਚ ਵੀ ਵਰਮਾ ਪਿੱਛੇ ਨਹੀਂ ਰਿਹਾ। 1931 ਵਿੱਚ ਕਬੀਰ ਕਾ ਰਹੱਸਯਵਾਦ ਛਪ ਚੁੱਕਾ ਸੀ ਤਾਂ ਹਿੰਦੀ ਸਾਹਿਤ ਕਾ ਆਲੋਚਨਾਤਮਿਕ ਸਾਹਿਤ 1938 ਵਿੱਚ ਪ੍ਰਕਾਸ਼ਿਤ ਉਹ ਗ੍ਰੰਥ ਹੈ, ਜਿਸ ਦੀ ਗਿਣਤੀ ਮੁਢਲੇ ਇਤਿਹਾਸ ਗ੍ਰੰਥਾਂ ਵਿੱਚ ਹੁੰਦੀ ਹੈ। ਸਾਹਿਤਯ ਸ਼ਾਸਤਰ, ਸੰਤ ਕਬੀਰ, ਰੀਤੀ ਕਾਲੀਨ ਸਾਹਿਤਯ ਕਾ ਪੁਨਰ ਮੁਲਾਂਕਨ ਉਸ ਦੇ ਵੱਡਮੁੱਲੇ ਖੋਜ ਗ੍ਰੰਥ ਹਨ, ਜੋ ਇਸ ਪਾਸੇ ਨਵੀਂ ਪਰੰਪਰਾ ਨੂੰ ਜਨਮ ਦਿੰਦੇ ਹਨ। ਸੰਸਮਰਣ, ਸਮ੍ਰਿਤੀ ਕੇ ਅੰਕੁਰ (1960) ਤੇ ਸੰਸਮਰਣੋਂ ਕੇ ਸੁਮਨ (1982) ਵਿੱਚ ਛਪੀਆਂ ਪੁਸਤਕਾਂ ਵਿੱਚ ਸੰਕਲਿਤ ਹਨ। ਸ਼ਖ਼ਸੀਅਤਾਂ, ਥਾਂਵਾਂ, ਘਟਨਾਵਾਂ, ਯਾਦਾਂ-ਬਹੁਤ ਕੁਝ ਵਰਮਾ ਨੇ ਇਹਨਾਂ ਤਿੰਨ ਪੁਸਤਕਾਂ ਵਿੱਚ ਸਜਾਇਆ ਅਤੇ ਵਿਖਾਇਆ ਹੈ।

     ਹਸਤਲਿਖਤ ਹਿੰਦੀ ਗ੍ਰੰਥੋਂ ਕੀ ਵਿਵਰਣਾਤਮਕ ਸੂਚੀ, ਸੰਖੇਪ-ਸੰਤ ਕਬੀਰ, ਬਰਵੈ ਰਮਾਇਣ ਤੇ ਕਬੀਰ ਪਦਾਵਲੀ ਸਮੇਤ ਅੱਠ-ਦੱਸ ਹੋਰ ਪਾਠ-ਪੁਸਤਕਾਂ ਦਾ ਸੰਪਾਦਨ, ਸੰਕਲਨ ਵੀ ਉਸ ਦੀ ਸੰਪਾਦਨ ਕਲਾ ਨੂੰ ਨਿਖਾਰ ਕੇ ਪੇਸ਼ ਕਰਦਾ ਹੈ।

     ਸੰਪਾਦਨ, ਸੰਸਮਰਨ, ਸ਼ੋਧ ਗ੍ਰੰਥ ਇਕਾਂਗੀ ਅਤੇ ਨਾਟਕ ਸੰਗ੍ਰਹਿ ਦੇ ਨਾਲ ਕਵਿਤਾ ਦੀਆਂ ਵੱਡਮੁੱਲੀਆਂ ਪੁਸਤਕਾਂ ਹਿੰਦੀ ਸੰਸਾਰ ਨੂੰ ਮੁਹੱਈਆ ਕਰਵਾਉਣ ਵਾਲੇ ਪ੍ਰਮੁਖ ਰਚਨਾਕਾਰ ਰਾਮ ਕੁਮਾਰ ਵਰਮਾ ਨੇ ਆਲੋਚਨਾ ਦੇ ਖੇਤਰ ਵਿੱਚ ਵੱਡਮੁੱਲਾ ਕਾਰਜ ਸਿਰੇ ਚਾੜ੍ਹਿਆ ਸੀ। ਸਾਲ 1930 ਵਿੱਚ ਸਾਹਿਤ ਸਮਾਲੋਚਨਾ, 1947 ਵਿੱਚ ਹਿੰਦੀ ਸਾਹਿਤਯ ਕਾ ਆਲੋਚਨਾਤਮਿਕ ਇਤਿਹਾਸ ਅਤੇ 1947 ਵਿੱਚ ਸਮਾਲੋਚਨਾ ਸਮੁੱਚਯ ਵਰਗੇ ਗ੍ਰੰਥਾਂ ਦਾ ਪ੍ਰਕਾਸ਼ਨ ਕਰਵਾਇਆ। ਇਹ ਨੀਹਾਂ ਉੱਤੇ ਮਮਟੀਆਂ ਖੜ੍ਹੀਆਂ ਕਰਨ ਵਾਲਾ ਨਿੱਗਰ ਕੰਮ ਸੀ। ਉਸ ਤੋਂ ਬਾਅਦ ਅਨੇਕ ਨਵੇਂ ਆਲੋਚਕਾਂ, ਸੋਧਕਾਂ ਨੇ ਇਹਨਾਂ ਗ੍ਰੰਥਾਂ ਦਾ ਸਹਾਰਾ ਲੈ ਕੇ, ਇਸ ਖੇਤਰ ਵਿੱਚ ਕੁਝ ਹੋਰ ਜੋੜਨ ਦੇ ਉੱਦਮ ਕੀਤੇ। ਗਣਪਤੀ ਚੰਦਰਗੁਪਤ ਜਿਹੇ ਵਿਦਵਾਨਾਂ ਦੇ ਗ੍ਰੰਥ ਇਸ ਦਾ ਸਬੂਤ ਹਨ।

     ਇਤਿਹਾਸ, ਸਾਹਿਤਯ ਚਿੰਤਨ, ਕਬੀਰ : ਏਕ ਅਨੁਸ਼ੀਲਨ ਅਤੇ ਏਕਾਂਕੀ ਕਲਾ ਪੁਸਤਕਾਂ ਰਾਮ ਕੁਮਾਰ ਵਰਮਾ ਦਾ ਸਿੱਕਾ ਮਨਵਾਉਂਦੀਆਂ ਹਨ ਕਿ ਵਿਚਾਰ, ਸੋਚ, ਚਿੰਤਨ ਤੇ ਦਰਸ਼ਨ ਨੂੰ ਮਿਲਾ ਕੇ ਆਲੋਚਨਾ ਨੂੰ ਅਮੀਰ ਬਣਾਇਆ ਜਾ ਸਕਦਾ ਹੈ। ਏਕਲਵਯ, ਉੱਤਰਾਇਣ ਜਿਹੇ ਕਾਵਿ-ਗ੍ਰੰਥਾਂ, ਬੇਜੋੜ ਇਤਿਹਾਸਿਕ, ਨਾਟ-ਸਾਹਿਤ ਸਿਰਜਣ, ਇਤਿਹਾਸਿਕ ਦ੍ਰਿਸ਼ਟੀ, ਆਲੋਚਨਾਤਮਿਕ ਪਕੜ, ਪ੍ਰਹਸਨ ਮੰਚਨ, ਸੰਪਾਦਨ ਕਲਾ ਆਦਿ ਕਾਰਨ ਹੀ ਵੱਡਮੁੱਲੀ ਪ੍ਰਤਿਭਾ ਦੇ ਮਾਲਕ ਰਾਮ ਕੁਮਾਰ ਵਰਮਾ ਨੂੰ ਹਿੰਦੀ ਸਾਹਿਤ ਅੱਜ ਵੀ ਯਾਦ ਕਰਦਾ ਹੈ।


ਲੇਖਕ : ਫੂਲ ਚੰਦ ਮਾਨਵ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.